ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ। ਜਿਉ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ। ਭਾਈ ਗੁਰਦਾਸ ਜੀ ਨੇ ਜਗਤ ਗੁਰੂ, ਸਤਿਗੁਰੂ ਨਾਨਕ ਦੇਵ ਜੀ ਦੇ ਆਗਮਨ ਬਾਰੇ ਬੜੇ ਹੀ ਸਪਸ਼ਟ ਸ਼ਬਦਾਂ ਵਿੱਚ ਬਿਆਨ ਕੀਤਾ ਹੈ ਕਿ ਕਿਵੇਂ ਸਤਿਗੁਰੂ ਨਾਨਕ ਦੇਵ ਜੀ ਦੇ ਆਗਮਨ ਨਾਲ ਅਗਿਆਨਤਾ ਦਾ, ਵਹਿਮਾਂ ਭਰਮਾਂ ਦਾ ਅਤੇ ਪਾਖੰਡਾਂ ਦਾ ਹਨੇਰਾ ਦੂਰ ਹੋ ਗਿਆ। ਅਗਿਆਨ ਦੀ ਧੁੰਦ ਛੱਟ ਗਈ, ਸਾਰੇ ਜਗ ਵਿੱਚ ਹੀ ਚਾਨਣ ਪ੍ਰਕਾਸ਼ਮਾਨ ਹੋ ਗਿਆ ਜਿਵੇਂ ਸੂਰਜ ਦੇ ਨਿਕਲਣ ਤੋਂ ਬਾਅਦ ਤਾਰੇ ਛਿਪ ਜਾਂਦੇ ਹਨ ਅਤੇ ਹਨੇਰਾ ਦੂਰ ਹੋ ਜਾਂਦਾ ਹੈ।
ਸ੍ਰੀ ਸਤਿਗੁਰੂ ਨਾਨਕ ਦੇਵ ਜੀ ਬਚਪਨ ਤੋਂ ਹੀ ਰੂਹਾਨੀ ਲੀਲਾ ਕਰਦੇ ਹੋਏ ਘਰ ਪਰਿਵਾਰ ਤੇ ਦੁਨਿਆਵੀ ਪਦਾਰਥਾਂ ਦਾ ਲੋਕ ਕਲਿਆਣ ਹਿੱਤ ਤਿਆਗ ਕਰਕੇ ਆਪਣਾ ਮਿਸ਼ਨ ਸਪਸ਼ਟ ਕਰ ਦਿੱਤਾ ਸੀ।ਆਪ ਜੀ ਦਾ ਜਨਮ ਉਹਨਾਂ ਪਰਿਸਥਿਤੀਆਂ ਵਿੱਚ ਹੋਇਆ ਜਦੋਂ ਹਿੰਦੁਸਤਾਨ ਨਿਘਾਰ ਵਾਲੀ ਹਾਲਤ ਵਿੱਚ ਜਾ ਰਿਹਾ ਸੀ, ਹਰ ਪਾਸੇ ਝੂਠ ਅਤੇ ਕੂੜ ਦਾ ਪਸਾਰਾ ਸੀ ਅਤੇ ਹਿੰਦੂ ਸਮਾਜ ਵਹਿਮਾਂ ਭਰਮਾਂ, ਕਰਮ- ਕਾਂਡਾ, ਜਾਤ-ਪਾਤ, ਵਰਣਾਂ ਵਿਚ ਵੰਡਿਆ ਹੋਇਆ ਸੀ। ਸਮਾਜ ਵਿੱਚ ਊਚ ਨੀਚ, ਅਮੀਰ-ਗਰੀਬ ਦਾ ਪਾੜਾ ਪੈਦਾ ਹੋ ਚੁੱਕਾ ਸੀ। ਇਸ ਸਮੇਂ ਦੌਰਾਨ 15ਵੀਂ ਸਦੀ ਵਿੱਚ ਸ੍ਰੀ ਸਤਿਗੁਰੂ ਨਾਨਕ ਦੇਵ ਜੀ ਦਾ ਆਗਮਨ ਇਤਿਹਾਸ ਵਿੱਚ ਸੁਭਾਗਾ ਸਮਾਂ ਸੀ, ਨਵਾਂ ਮੋੜ ਸੀ। ਜਦੋਂ ਮਨੁੱਖਤਾ ਦੇ ਸਰਬ ਵਿਆਪੀ ਕਲਿਆਣ ਲਈ ਇੱਕ ਅਵਤਾਰੀ ਨੂਰ ਨੇ ਧਰਤੀ ਤੇ ਆ ਕੇ ਚਾਨਣ ਖਿਲਾਰ ਕੇ ਲੋਕਾਈ ਦਾ ਰਾਹ ਰੁਸਨਾ ਦਿੱਤਾ। ਏਕਤਾ ਤੇ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ, ਪ੍ਰੇਮ ਪਿਆਰ ਦਾ ਸਬਕ ਸਿਖਾਇਆ। ਜਾਤ-ਪਾਤ ਤੇ ਵਹਿਮਾ ਭਰਮਾ ਤੋਂ ਉੱਪਰ ਉੱਠ ਕੇ ਇੱਕ ਸੁਚੱਜਾ ਤੇ ਪਵਿੱਤਰ ਜੀਵਨ ਜੀਉਣ ਵੱਲ ਦਾ ਰਾਹ ਦਰਸਾਇਆ। ਸਤਿਗੁਰੂ ਨਾਨਕ ਦੇਵ ਜੀ ਅਜਿਹੇ ਹਸਤੀ ਸਨ ਜਿਨਾਂ ਨੇ ਹਰ ਧਰਮ ਤੇ ਮਨੁੱਖਤਾ ਨਾਲ ਸੰਵਾਦ ਰਚਾਇਆ, ਹੱਕ ਸੱਚ ਦਾ ਹੋਕਾ ਦਿੱਤਾ ਅਤੇ ਉਹਨਾਂ ਦੀਆਂ ਸਿੱਖਿਆਵਾਂ ਹਰ ਧਰਮ, ਇਨਸਾਨੀ ਫਿਰਕੇ, ਭਾਈਚਾਰਕ ਅਤੇ ਜਾਤ ਬਰਾਦਰੀ ਲਈ ਸਨ। ਉਹਨਾਂ ਦਾ ਸਰਬ ਸਾਂਝੀ ਵਾਲਤਾ ਦਾ ਮਿਸ਼ਨ ਖੂਬਸੂਰਤ ਫੁੱਲ ਵਾਂਗੂ ਸੰਸਾਰ ਵਿੱਚ ਖਿੜਿਆ ਤੇ ਚਾਰ ਦਿਸ਼ਾਵਾਂ ਵਿੱਚ ਆਪਣੀ ਮਹਿਕ ਖਿੰਡਾਈ। ਆਪ ਜੀ ਨੇ ਆਪਣੀ ਬਾਣੀ ਦੀ ਆਰੰਭਤਾ ੧ੳ ਨਾਲ ਕਰਕੇ ਲੁਕਾਈ ਦਾ ਮੂੰਹ ਜਾਤ ਪਾਤ, ਵਹਿਮਾ ਭਰਮਾਂ ਪਾਖੰਡਾਂ ਤੋਂ ਮੋੜ ਕੇ ਇਕ ਅਕਾਲ ਪੁਰਖ ਵੱਲ ਕੀਤਾ ਤੇ ਬਰਾਬਰੀ ਦੇ ਆਧਾਰ ਤੇ ਸਮੁੱਚੀ ਮਾਨਵਤਾ ਦੀ ਸਾਂਝ, ਭਰਾਤਰੀ ਭਾਵ ਨਾਲ ਪਵਾਈ। ਸਤਿਗੁਰੂ ਨਾਨਕ ਦੇਵ ਜੀ ਨੇ ਮੁਗਲਾਂ ਦੇ ਜੁਲਮ ਦੀ ਸਤਾਈ ਜਨਤਾ ਨੂੰ ਬੇਇਨਸਾਫੀ ਅਤੇ ਅੱਤਿਆਚਾਰ ਤੋਂ ਮੁਕਤ ਕਰਵਾਇਆ ਅਤੇ ਮਾਨਵੀ ਕਦਰਾਂ ਕੀਮਤਾਂ ਤੋਂ ਬੇਮੁਖ ਮਨੁੱਖਤਾ ਦਾ ਮਨੋ ਬਲ ਮੁੜ ਸੁਰਜੀਤ ਕੀਤਾ। ਸਮਾਜ ਵਿੱਚ ਜਾਤ ਪਾਤ, ਊਚ-ਨੀਚ, ਅਮੀਰ ਗਰੀਬ, ਝੂਠ ਸੱਚ ਦਾ ਜੋ ਪਾੜਾ ਸੀ ਉਸਨੂੰ ਮਿਟਾਇਆ ਅਤੇ ਸਮਾਜ ਵਿੱਚ ਹਰ ਵਰਗ ਨੂੰ ਬਰਾਬਰਤਾ ਦਾ ਹੱਕ ਦਵਾਇਆ।ਆਪ ਜੀ ਨੇ ਇੱਕ ਨਵੇਂ ਅਤੇ ਸੁਚੱਜੇ ਸਮਾਜ ਦੀ ਨੀਂਹ ਰੱਖੀ ਜਿਸ ਵਿੱਚ ਪ੍ਰੇਮ ਪਿਆਰ, ਸਦਭਾਵਨਾ ਤੇ ਭਾਈਚਾਰਕ ਸਾਂਝ ਦਾ ਬੋਲਬਾਲਾ ਹੋਇਆ। ਵਿਸ਼ਵ ਪੱਧਰ ਤੇ ਸਮਾਜ ਨੂੰ ਨਰੋਆ ਤੇ ਸ਼ਕਤੀਸ਼ਾਲੀ ਸੰਦੇਸ਼ ਮਿਲਿਆ ਕਿ ਸਾਰੇ ਮਨੁੱਖ ਉਸ ਪਰਮਾਤਮਾ ਦੇ ਬੱਚੇ ਹਨ, ਕੋਈ ਭੇਦਭਾਵ ਨਹੀਂ ਜਿਸ ਵਿੱਚ ਵੰਡੀਆਂ ,, ਪ੍ਰੋਹਤਵਾਦ, ਕਾਜੀਵਾਦ ਤੇ ਕੱਟੜਵਾਦ ਨੇ ਪਾਈਆਂ ਹਨ। ਸਤਿਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਸਿੱਖਿਆਵਾਂ, ਉਪਦੇਸ਼ਾਂ ਤੇ ਸੰਦੇਸ਼ਾਂ ਨੂੰ ਅਮਲੀ ਰੂਪ ਵਿੱਚ ਮਾਨਵਤਾ ਤੱਕ ਪਹੁੰਚਾ ਕੇ ਨਰੋਏ ਸਮਾਜ ਦੀ ਸਿਰਜਨਾ ਕੀਤੀ। ਭਾਈ ਗੁਰਦਾਸ ਜੀ ਅਨੁਸਾਰ ਸਤਿਗੁਰੂ ਨਾਨਕ ਦੇਵ ਜੀ ਨੇ ਨਿਵੇਕਲਾ ਹੀ ਨਿਰਮਲ ਪੰਥ ਚਲਾਇਆ “ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ।” ਆਪ ਜੀ ਅਕਾਲ ਪੁਰਖ ਵੱਲੋਂ ਭੇਜੇ ਗਏ ਸ਼ਾਂਤੀ ਦੂਤ, ਅਮਨ ਦੇ ਪੈਗੰਬਰ ਸਨ ਤੇ ਉਹਨਾਂ ਵੱਲੋਂ ਚਲਾਏ ਗਏ ਨਿਰਮਲ ਪੰਥ ਦੀ ਬੁਨਿਆਦ ਸਨ ਗੁਰਮਤ ਸਿਧਾਂਤ। ਭਾਵ ਦਰਸ਼ਨਿਕ, ਅਧਿਆਤਮਕ, ਸਦਾਚਾਰਕ ਵਿਗਿਆਨਕ ਤੇ ਸਮਾਜਿਕ ਵਿਚਾਰਧਾਰਾ ਜੋ ਅਜਿਹੇ ਕ੍ਰਾਂਤੀਕਾਰੀ ਸਿਧਾਂਤ ਸਨ ਜਿਨਾਂ ਨੇ ਹਨੇਰੇ ਵਿੱਚ ਗਰਕ ਲੁਕਾਈ ਨੂੰ ਆਤਮਿਕ ਤੇ ਸਦਾਚਾਰਕ ਪੱਖ ਤੋਂ ਬਲਵਾਨ ਕੀਤਾ। ਆਪ ਜੀ ਨੇ ਸਮਾਜ ਵਿੱਚ ਪ੍ਰਚਲਿਤ ਗਲਤ ਧਾਰਨਾਵਾਂ ਨੂੰ ਨਕਾਰ ਕੇ ਸਮਾਜਵਾਦ ਵੱਲ ਦਾ ਰਾਹ ਉਲੀਕਿਆ। ਸਤਿਗੁਰੂ ਨਾਨਕ ਦੇਵ ਜੀ ਨੇ ਸਮਾਜ ਵਿੱਚ ਸੁਧਾਰ ਕਰਨ ਲਈ ਫਾਲਤੂ ਪ੍ਰਚਲਿਤ ਰਸਮੋ ਰਿਵਾਜਾਂ ਦਾ ਵਿਰੋਧ ਕੀਤਾ ਜਿਵੇਂ ਕਿ ਜਨੇਊ ਪਾਉਣਾ, ਸੂਤੱਕ ਪਾਤਕ ਦੇ ਸਰਾਧ ਕਰਨੇ ਇਹ ਸਾਰੀਆਂ ਰਸਮਾਂ ਬ੍ਰਾਹਮਣ ਵਰਗ ਦੀ ਰੋਜੀ ਰੋਟੀ ਦਾ ਵਸੇਲਾ ਸਨ ਜਾਂ ਲੋਕਾਂ ਦੀ ਲੁੱਟ ਖਸੁੱਟ ਦਾ। ਉਹਨਾਂ ਨੇ ਜਨੇਊ ਦੀ ਅਸਲੀਅਤ ਸਮਝਾਉਂਦੇ ਹੋਏ ਲਿਖਿਆ “ਦਇਆ ਕਪਾਹ ਸੰਤੋਖ ਸੁਤੁ ਜਤੁ ਗੰਡੀ ਸਤੁ ਵਟੁ ।।
ਇਹ ਜਨੇਊ ਜੀਅ ਕਾ ਹਈ ਤਾ ਪਾਂਡੇ ਘਤੁ।।”
ਇਸ ਤਰ੍ਹਾਂ ਸ਼ਰਾਧ ਕਰਨ ਤੇ ਸੁੱਚ ਭਿੱਟ ਵਾਲੇ ਵਹਿਮ ਵਿਚੋਂ ਕੱਢਣ ਲਈ ਲੋਕਾਈ ਦਾ ਮਾਰਗ ਦਰਸ਼ਨ ਕੀਤਾ ਕਿ ਜੇ ਠਗੀਆਂ, ਚੋਰੀਆਂ ਕਰਕੇ ਪਿਤਰਾਂ ਦੇ ਸਰਾਧ ਕਰਨੇ ਹਨ ਤਾਂ ਕੀ ਲਾਭ ? ਨਾਲੇ ਇਹ ਸਭ ਪਿਤਰਾਂ ਤੱਕ ਨਹੀਂ ਪੁੱਜਦੇ, ਇਹ ਕੇਵਲ ਖਾਣ ਪੀਣ ਦੇ ਢਕੋਂਸਲੇ ਹਨ । ਬ੍ਰਾਹਮਣ ਵਰਗ ਸੂਤਕ ਪਾਤਕ ਵਾਲੇ ਘਰਾਂ ਨੂੰ ਅਪਵਿੱਤਰ ਕਹਿ ਕੇ ਵੀ ਵਹਿਮ ਭਰਮ ਫੈਲਾਉਂਦੇ ਸਨ। ਪਰ ਗੁਰੂ ਜੀ ਨੇ ਦੱਸਿਆ ਕਿ ਹਰ ਚੀਜ ਅੰਦਰ ਜੀਵਾਂ ਦਾ ਵਾਸਾ ਹੈ ਅਤੇ ਉਹ ਜੰਮਦੇ ਤੇ ਮਰਦੇ ਹਨ। ਅਸਲ ਸੂਤਕ ਹਨ: ਮਨ ਦਾ ਸੂਤਕ ਲੋਭ, ਜੀਭ ਦਾ ਸੂਤਕ ਝੂਠ, ਅੱਖਾਂ ਦਾ ਸੂਤਕ ਪਰਾਇਆ ਧਨ ਤੇ ਪਰਾਈ ਇਸਤਰੀ ਵੱਲ ਵੇਖਣਾ, ਕੰਨਾਂ ਦਾ ਸੂਤਕ ਨਿੰਦਿਆ ਚੁਗਲੀ ਹੀ ਹੈ ਇਹਨਾਂ ਤੋਂ ਬਚ ਕੇ ਰਹੋ।
ਸਤਿਗੁਰੂ ਨਾਨਕ ਦੇਵ ਜੀ ਨੇ ਅਮੀਰ ਤਬਕੇ ਉੱਤੇ ਵੀ ਵਿਅੰਗ ਕੀਤਾ ਜੋ ਦੂਸਰਿਆਂ ਦੀ ਮਿਹਨਤ ਦੀ ਕਮਾਈ ਉੱਤੇ ਪਲਦੇ ਹਨ ਪਰ ਆਪ ਹੱਥੀ ਕੰਮ ਕਰਕੇ ਰਾਜੀ ਨਹੀਂ। ਲੋਕਾਂ ਦੀ ਲੁੱਟ ਖਸੁੱਟ ਕਰਕੇ ਐਸ਼ ਕਰਦੇ ਹਨ ਉਹਨਾਂ ਦੀਆਂ ਨਜ਼ਰਾਂ ਵਿੱਚ ਕੀਰਤ ਦੀ ਕੋਈ ਮਹੱਤਤਾ ਨਹੀਂ ਇਸ ਬਾਰੇ ਉਹਨਾਂ ਨੇ ਲਿਖਿਆ ਹੈ: ਇਕ ਨਿਹਾਲੀ ਪੈ ਸਵਨਿ ਇਕਿ ਉਪਰਿ ਰਹਨਿ ਖੜੇ ।। ਸਤਿਗੁਰੂ ਨਾਨਕ ਦੇਵ ਜੀ ਨੇ ਸਾਰਿਆਂ ਨੂੰ ਬਰਾਬਰੀ ਦਾ ਅਧਿਕਾਰ ਦੇ ਕੇ ਸਮਾਜਿਕ ਬਰਾਬਰਤਾ ਲਿਆਂਦੀ। ਉਹਨਾਂ ਨੇ ਆਪ ਬਚਪਨ ਵਿੱਚ ਤਲਵੰਡੀ ਵਿਖੇ ਮੱਝਾਂ ਚਾਰੀਆਂ, ਸੁਲਤਾਨਪੁਰ ਵਿਖੇ ਮੋਦੀਖਾਨੇ ਵਿੱਚ ਨੌਕਰੀ ਕੀਤੀ ਤੇ ਆਖਰੀ ਉਮਰੇ ਕਰਤਾਰਪੁਰ ਵਿਖੇ ਖੇਤੀਬਾੜੀ ਕੀਤੀ। ਉਹ ਗਰੀਬਾਂ ਤੇ ਹਮਦਰਦ ਸਨ ਇਹੀ ਕਾਰਨ ਹੈ ਕਿ ਮਲਿਕ ਭਾਗੋ ਦਾ ਭੋਜ ਛੱਡ ਕੇ ਦਸਾਂ ਨਹੁੰਆਂ ਦੀ ਕਿਰਤ ਕਮਾਈ ਕਰਨ ਵਾਲੇ ਭਾਈ ਲਾਲੋ ਦੀ ਰੋਟੀ ਖਾਦੀ ਉਹਨਾਂ ਨੇ ਦੱਸਿਆ ਕਿ ਦਸਾਂ ਨਹੁੰਆਂ ਦੀ ਕਿਰਤ ਮਨੁੱਖ ਨੂੰ ਸਬਰ ਸੰਤੋਖ ਵਾਲਾ ਬਣਾ ਦਿੰਦੀ ਹੈ। ਉਹਨਾਂ ਨੇ ਕਿਰਤੀ ਮਿਸਤਰੀ ਲਾਲੋ ਤੇ ਝੰਡਾ, ਹੰਸੁ ਲਹਾਰ ਤੇ ਸੀਹਾ ਦਰਜੀ ਨੂੰ ਮਾਨਤਾ ਦਿੱਤੀ।
ਸਤਿਗੁਰੂ ਨਾਨਕ ਦੇਵ ਜੀ ਦੀ ਉਮਰ ਲਗਭਗ 30 ਸਾਲ ਦੀ ਹੋਵੇਗੀ ਜਦੋਂ ਉਹਨਾਂ ਨੂੰ ਵੇਈ ਨਦੀ ਵਿੱਚ ਇਸ਼ਨਾਨ ਤੋਂ ਬਾਅਦ ਸੱਚੇ ਗਿਆਨ ਦੀ ਪ੍ਰਾਪਤੀ ਹੋਈ ਉਹਨਾਂ ਨੇ ਪਹਿਲਾਂ ਸ਼ਬਦ ਉਚਾਰਨ ਕੀਤਾ “ਨਾ ਕੋ ਹਿੰਦੂ ਨਾ ਮੁਸਲਮਾਨ” ਭਾਵ ਕਰਨੀ ਕਰਕੇ ਕੋਈ ਹਿੰਦੂ ਜਾਂ ਮੁਸਲਮਾਨ ਨਹੀਂ, ਬਲਕਿ ਸ਼ੁਭ ਅਮਲਾਂ ਕਰਕੇ ਮਨੁੱਖ ਦੀ ਪਛਾਣ ਹੁੰਦੀ ਹੈ। ਸੰਨ 1499 ਈਸਵੀ ਵਿੱਚ ਗਿਆਨ ਪ੍ਰਾਪਤੀ ਤੋਂ ਬਾਅਦ ਉਹਨਾਂ ਨੇ ਆਪਣੀਆਂ ਯਾਤਰਾਵਾਂ ਆਰੰਭ ਕੀਤੀਆਂ। 24 ਸਾਲ ਦਾ ਲੰਮਾ ਦੇਸ਼ ਰਟਨ ਕੀਤਾ ਜਿਸ ਦੌਰਾਨ ਰਿਸ਼ੀਆਂ ਮੁਨੀਆਂ, ਧਾਰਮਿਕ ਆਗੂਆਂ, ਠੰਗਾ, ਚੋਰਾਂ, ਡਾਕੂਆਂ ਤੇ ਜਾਲਮ ਹਾਕਮਾਂ ਨਾਲ ਵਾਹ ਪਿਆ ਉਹਨਾਂ ਨੇ ਬੜੀ ਨਿਮਰਤਾ ਤੇ ਤਰਕ ਨਾਲ ਉਹਨਾਂ ਦੇ ਭਰਮ ਜਾਲ ਨੂੰ ਤੋੜਿਆ ਤੇ ਆਪਣੀ ਇਨਕਲਾਬੀ ਸੋਚ ਨਾਲ ਅਤੇ ਪ੍ਰੇਮ ਨਾਲ ਸਾਰਿਆਂ ਨੂੰ ਜੋੜ ਕੇ ਮਾਰਗ ਦਰਸ਼ਨ ਕੀਤਾ।ਆਪ ਜੀ ਨੇ ਭਾਰਤੀ, ਅਰਬੀ, ਇਰਾਨੀ, ਮੁਲਤਾਨੀ ਤੇ ਯੂਰਪੀ ਸਭ ਨੂੰ ਸਾਂਝੀਵਾਲਤਾ ਦਾ ਸੰਦੇਸ਼ ਦੇ ਕੇ ਅਗਵਾਈ ਕੀਤੀ। ਆਪਣੀਆਂ ਚਾਰ ਉਦਾਸੀਆਂ ਦੌਰਾਨ ਸਤਿਗੁਰੂ ਨਾਨਕ ਦੇਵ ਜੀ ਦੇਸ਼ ਦੇ ਜਿਸ ਹਿੱਸੇ ਵਿੱਚ ਗਏ ਉੱਥੇ ਜਾਤ ਪਾਤ ਖਤਮ ਕਰਕੇ ਹਿੰਦੂ ਮੁਸਲਮਾਨਾਂ ਨੂੰ ਭਰਾਤਰੀ ਭਾਉ ਦਾ ਸੰਦੇਸ਼ ਦਿੱਤਾ। ਉਹਨਾਂ ਨੇ ਸਾਰੇ ਸੰਸਾਰ ਵਿੱਚ ਵਿਸ਼ਵ ਭਾਈਚਾਰੇ ਦਾ ਪ੍ਰਚਾਰ ਕੀਤਾ ਤੇ ਉਪਦੇਸ਼ ਦਿੱਤਾ ਕਿ ਕੋਈ ਵੀ ਜਾਤ ਪਾਤ ਕਰਕੇ ਉੱਚਾ ਨੀਵਾਂ ਜਾਂ ਗਰੀਬ ਅਮੀਰ ਨਹੀਂ ਹੈ ਸਗੋਂ ਸਾਰੇ ਇੱਕੋ ਪਿਤਾ ਪਰਮਾਤਮਾ ਦੇ ਪੁੱਤਰ ਹਨ “ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂੰ ਮੇਰਾ ਗੁਰ ਹਾਈ। ਭਾਈ ਗੁਰਦਾਸ ਜੀ ਨੇ ਆਪ ਜੀ ਦੇ ਸਮਾਜਿਕ ਬਰਾਬਰਤਾ ਦੇ ਸਿਧਾਂਤ ਨੂੰ ਇਸ ਤਰ੍ਹਾਂ ਬਿਆਨ ਕੀਤਾ ਹੈ: ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹਿ ਪਠਾਇਆ। ਚਾਰੇ ਪੈਰ ਧਰਮ ਦੇ ਚਾਰ ਵਰਨ ਇਕ ਵਰਨੁ ਕਰਾਇਆ ।ਰਾਣਾ ਰੰਕ ਬਰਾਬਰੀ ਪੈਰੀ ਪਵਣਾ ਜਗ ਵਰਤਾਇਆ। “
ਆਪ ਜੀ ਨੇ ਜਿੱਥੇ ਸੱਜਣ ਠੱਗ ਨੂੰ ਸਿੱਧੇ ਰਸਤੇ ਪਾਇਆ, ਮੱਕੇ ਦੇ ਕਾਜੀ ਨੂੰ ਪਰਮਾਤਮਾ ਦੀ ਸਰਬ ਵਿਆਪਕਤਾ ਵਿਖਾਈ, ਵਲੀ ਕੰਧਾਰੀ ਦਾ ਹੰਕਾਰ ਤੋੜਿਆ,ਬ੍ਰਾਹਮਣਾਂ, ਪੰਡਿਤਾਂ ਨੂੰ ਸੂਰਜ ਗ੍ਰਹਿਣ ਦੇ ਮੌਕੇ ਇਸ਼ਨਾਨ ਆਦਿ ਵਹਿਮਾ ਵਿੱਚੋਂ ਕੱਢਿਆ। ਇਸੇ ਤਰ੍ਹਾਂ ਤੀਰਥ ਸਥਾਨਾਂ ਵਿਖੇ ਧਾਰਮਿਕ ਕੱਟੜਤਾ ਦੀ ਦੀਵਾਰਾਂ ਤੋੜੀਆਂ, ਸਮਝਾਇਆ ਕਿ ਮੁਕਤੀ ਧਰਮ ਗ੍ਰੰਥ ਪੜਨ ਵਿੱਚ ਨਹੀਂ ਸਗੋਂ ਵਿਚਲੀਆਂ ਸਿੱਖਿਆਵਾਂ ਉੱਤੇ ਅਮਲ ਕਰਨ ਨਾਲ ਮਿਲਦੀ ਹੈ। ਆਪ ਜੀ ਨੇ ਸਮਾਜ ਵਿੱਚ ਜਾਤ ਪਾਤ, ਵੰਡ ,ਵਿਤਕਰੇ ਦੀ ਨਿਖੇਧੀ ਕੀਤੀ ਆਪ ਭਾਈ ਬਾਲੇ ਤੇ ਮਰਦਾਨੇ ਨੂੰ ਸਾਰੀ ਉਮਰ ਨਾਲ ਰੱਖ ਕੇ ਇੱਕ ਮਿਸਾਲ ਕਾਇਮ ਕੀਤੀ। ਉਸ ਸਮੇਂ ਔਰਤ ਦੀ ਹਾਲਤ ਬਹੁਤ ਬਦਤਰ ਹੋ ਚੁੱਕੀ ਸੀ, ਖੁੱਲੇ ਆਮ ਮੰਡੀ ਵਿੱਚ ਵਿਕ ਰਹੀ ਸੀ ਤੇ ਪੈਰ ਦੀ ਜੁੱਤੀ ਸਮਝੀ ਜਾਂਦੀ ਸੀ ਗੁਰੂ ਜੀ ਨੇ ਸਭ ਤੋਂ ਪਹਿਲਾਂ ਔਰਤ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦੇ ਹੋਏ ਕਿਹਾ “ਸੋ ਕਿਉ ਮੰਦਾ ਆਖੀਐ ਜਿਤੁ ਜਮਹਿ ਰਾਜਾਨ” ਭਾਵ ਜੋ ਰਾਜੇ, ਮਹਾਰਾਜੇ, ਮਹਾਂਪੁਰਖਾਂ ਦੀ ਜਨਮ ਦਾਤੀ ਹੈ ਉਸ ਨੂੰ ਮਾੜਾ ਕਿਉਂ ਆਖਿਆ ਜਾਵੇ ? ਉਸਨੂੰ ਮਰਦ ਦੇ ਬਰਾਬਰ ਦਰਜਾ ਤੇ ਜਿਉਣ ਦਾ ਹੱਕ ਹੈ। ਇਹ ਗੁਰੂ ਜੀ ਦੀ ਸਮਾਜ ਨੂੰ ਅਦੁੱਤੀ ਤੇ ਲਾਸਾਨੀ ਦੇਣ ਹੈ।
ਗੁਰੂ ਜੀ ਨੇ ਤਾਂ ਬਾਬਰ ਨੂੰ ਪਾਪ ਦੀ ਜੰਝ ਲੈ ਕਾਬਲਹੁ ਧਾਇਆ, ਜੋਰੀ ਮੰਗੇ ਦਾਨ ਵੇ ਲਾਲੋ। ਸਰਮ ਧਰਮ ਦੁਇ ਛਪ ਖਲੋਏ ਕੂੜ ਫਿਰੈ ਪਰਧਾਨ ਵੇ ਲਾਲੋ।। ਆਖ ਕੇ ਸਾਮਰਾਜੀ ਤਾਕਤ ਵਿਰੁੱਧ ਨਿਮਾਣੀ ਤੇ ਨਿਤਾਣੀ ਜਨਤਾ ਨੂੰ ਕ੍ਰਾਂਤੀਕਾਰੀ ਕਦਮ ਚੁੱਕਣ ਲਈ ਹੱਲਾਸ਼ੇਰੀ ਦਿੱਤੀ ਸੀ।
ਆਪ ਜੀ ਦੇ ਮਹਾਨ ਉਪਕਾਰਾਂ ਸਦਕਾ ਸੰਸਾਰ ਵਿੱਚ ਗੁਰੂ ਨਾਨਕ ਨਾਮ ਲੇਵਾ ਕਿਸੇ ਇੱਕ ਧਰਮ ਦੇ ਨਹੀਂ ਬਲਕਿ ਸਾਰੇ ਧਰਮਾਂ ਦੇ ਹਨ ਜਿਵੇਂ ਬੋਧੀ ਉਹਨਾਂ ਨੂੰ “ਬੋਧੀ ਸੰਤ” ਮੰਨਦੇ ਹਨ, ਤਿਬਤੀ “ਨਾਨਕ ਲਾਮਾ” ਕਹਿ ਕੇ ਸਤਿਕਾਰਦੇ ਹਨ, ਸ੍ਰੀ ਲੰਕਾ ਵਿੱਚ “ਨਾਨਕ ਬੁਧਾ” ਦੇ ਨਾਮ ਨਾਲ ਜਾਣੇ ਜਾਂਦੇ ਹਨ। ਉਹਨਾਂ ਨੂੰ ਨਾਨਕ ਪੀਰ, ਵਲੀ ਹਿੰਦ, ਪੀਰ ਬਾਬਾ ਨਾਨਕ ਤੇ ਬਾਲ ਗੁੰਦਾਰੀ ਕਹਿ ਕੇ ਸਤਿਕਾਰ ਤੇ ਸ਼ਰਧਾ ਭੇਟ ਕਰਦੇ ਹਨ। ਨੇਪਾਲੀ ਅਦਬ ਨਾਲ “ਨਾਨਕ ਰਿਸ਼ੀ” ਕਹਿ ਕੇ ਸਤਿਕਾਰਦੇ ਹਨ। ਆਪ ਜੀ ਦੀ ਮਹਾਨ ਸ਼ਖਸ਼ੀਅਤ ਬਾਰੇ ਗਿਆਨੀ ਗਿਆਨ ਸਿੰਘ ਜੀ ਲਿਖਦੇ ਹਨ: “ਗੁਰੂ ਨਾਨਕ ਦੇਵ ਜੀ ਨੇ ਤੁਰਕਾਂ ਦੀ ਜ਼ੁਲਮ ਦੀ ਅੱਗ ਵਿੱਚ ਸੜਦੀ ਹੋਈ ਹਿੰਦੁਸਤਾਨੀਅਤ ਉੱਤੇ ਸਤਿਨਾਮ ਦਾ ਚੰਦਨ ਛਿੜਕ ਕੇ ਉਸਨੂੰ ਸ਼ੀਤਲ ਕਰ ਵਿਖਾਇਆ।
ਅਖੀਰ ਇਹੀ ਕਹਿਣਾ ਚਾਹਾਂਗੀ ਕਿ ਅੱਜ ਵੀ ਆਪ ਜੀ ਦੇ ਦਰਸਾਏ ਮਾਰਗ ਤੇ ਚੱਲਣ ਦੀ ਲੋੜ ਹੈ। ਆਪ ਜੀ ਦੇ ਸਦਉਪਦੇਸ਼ਾਂ ਉੱਤੇ ਚੱਲ ਕੇ ਹੀ ਸਾਰੇ ਸੰਸਾਰ ਵਿੱਚ ਸੁੱਖ ਸ਼ਾਂਤੀ ਹੋ ਸਕਦੀ ਹੈ।
ਧੰਨਵਾਦ।
ਪ੍ਰਿ.ਰਾਜਪਾਲ ਕੌਰ
Leave a Reply